ਮ. ਮ. ਮੋਦੀ ਕਾਲਜ ਦੇ ਮੈਗਜ਼ੀਨ ”ਦਿ ਲੂਮਿਨਰੀ” ਨੂੰ ਰਿਲੀਜ਼ ਕਰਨ ਦੇ ਅਵਸਰ ਤੇ ”ਸਰਬਤ ਦਾ ਭਲਾ” ਟਰੱਸਟ ਦੇ ਬਾਨੀ ਸੰਚਾਲਕ ਅਤੇ ਪ੍ਰਸਿੱਧ ਸਮਾਜ ਸੇਵੀ ਸ੍ਰੀ ਐਸ.ਪੀ.ਸਿੰਘ ਓਬਰਾਏ ਨੇ ਮੋਦੀ ਕਾਲਜ ਦੇ ਲੋੜਵੰਦ ਵਿਦਿਆਰਥੀਆਂ ਲਈ ਹਰ ਵਰ੍ਹੇ 10੍ਰ10 ਹਜ਼ਾਰ ਦੇ 100 ਵਜ਼ੀਫੇ ਦੇਣ ਦਾ ਐਲਾਨ ਕੀਤਾ। ਇਸ ਅਵਸਰ ਤੇ ਸ੍ਰੀ ਐਸ. ਕੇ. ਆਹਲੂਵਾਲੀਆ, ਸਾਬਕਾ ਆਈ.ਏ.ਐਸ. ਅਧਿਕਾਰੀ ਅਤੇ ”ਸਰਬਤ ਦਾ ਭਲਾ” ਟਰੱਸਟ ਦੇ ਡਾਇਰੈਕਟਰ ਨੇ ਦੱਸਿਆ ਕਿ ਸ੍ਰੀ ਓਬਰਾਏ ਨੇ ਆਪਣਾ ਸਮੁੱਚਾ ਜੀਵਨ ਲੋੜਵੰਦਾਂ ਤੇ ਬੇਸਹਾਰਾ ਲੋਕਾਂ ਦੀ ਸੇਵਾ ਨੂੰ ਸਮਰਪਿਤ ਕੀਤਾ ਹੋਇਆ ਹੈ। ਉਹਨਾਂ ਨੇ ਦੁਬਈ ਵਿੱਚ ਮੌਤ ਦਾ ਸਾਹਮਣਾ ਕਰ ਰਹੇ ਲਾਚਾਰ ਪੰਜਾਬੀਆਂ ਨੂੰ ਬਚਾਉਣ ਲਈ ਨਾ ਸਿਰਫ਼ ਬਲੱਡ ਮਨੀ ਦੀ ਰਕਮ ਅਦਾ ਕੀਤੀ ਸਗੋਂ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੱਕ ਪਹੁੰਚਾਉਣ ਦਾ ਵੀ ਆਪ ਪ੍ਰਬੰਧ ਕੀਤਾ। ਅੱਜ ਵੀ ਸ੍ਰੀ ਓਬਰਾਏ ਗਰੀਬਾਂ ਤੇ ਸਰੀਰਕ ਤੌਰ ਤੇ ਮੁਥਾਜ ਲੋੜਵੰਦਾਂ ਦੀ ਮਦਦ ਲਈ ਹਰ ਤਰ੍ਹਾਂ ਦੀ ਮਦਦ ਕਰ ਰਹੇ ਹਨ। ਕਾਲਜ ਦੇ ਸਾਬਕਾ ਪ੍ਰਿੰਸੀਪਲ ਸ੍ਰੀ ਸੁਰਿੰਦਰ ਲਾਲ ਨੇ ਮੈਗਜ਼ੀਨ ਦੇ ਸੰਪਾਦਕੀ ਮੰਡਲ ਅਤੇ ਵਿਦਿਆਰਥੀਆਂ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਸੋਹਣੀ ਦਿੱਖ ਵਾਲਾ ਮੈਗ਼ਜ਼ੀਨ ਤਿਆਰ ਕੀਤਾ ਹੈ। ਇਸ ਮੈਗ਼ਜ਼ੀਨ ਵਿੱਚ ਕਾਲਜ ਦੀਆਂ ਪ੍ਰਾਪਤੀਆਂ ਦੀ ਝਲਕ ਮਿਲਦੀ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਅਤੇ ਦੂਜੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਕਾਲਜ ਦੀਆਂ ਨਰੋਈਆਂ ਪਰੰਪਰਾਵਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਾਲਜ ਦਾ ਮੈਗ਼ਜ਼ੀਨ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਵਾਲਾ ਇੱਕ ਸਿਰਜਣਾਤਮਕ ਮੰਚ ਹੈ। ਪੰਜਾਬੀ ਵਿਭਾਗ ਦੇ ਡਾ. ਗੁਰਦੀਪ ਸਿੰਘ ਨੇ ਮੈਗ਼ਜ਼ੀਨ ਤਿਆਰ ਕਰਨ ਦੀ ਪ੍ਰਕਿਰਿਆ ਬਾਰੇ ਬਹੁਤ ਰੌਚਕ ਜਾਣਕਾਰੀ ਸਾਂਝੀ ਕੀਤੀ ਅਤੇ ਵਿਦਿਆਰਥੀਆਂ ਨੂੰ ਇਸ ਸਿਰਜਣਾਤਮਕ ਸਰਗਰਮੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਆ।
ਇਸ ਅਵਸਰ ਤੇ ਹੀ ਕਾਲਜ ਦੇ ਫੈਸ਼ਨ ਡਿਜ਼ਾਈਨ ਅਤੇ ਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਖੂਬਸੂਰਤ ਪੁਸ਼ਾਕਾਂ ਦੀ ਪਰਦਰਸ਼ਨੀ ਕਾਲਜ ਵਿੱਚ ਲਗਾਈ ਗਈ, ਜਿਸ ਦਾ ਉਦਘਾਟਨ ਵੀ ਸ੍ਰੀ ਐਸ.ਪੀ.ਐਸ. ਓਬਰਾਏ ਵੱਲੋਂ ਕੀਤਾ ਗਿਆ। ਸ੍ਰੀ ਪ੍ਰਭਲੀਨ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਅੱਜ ਦੇ ਬਦਲ ਰਹੇ ਯੁੱਗ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਫੈਸ਼ਨ ਡਿਜ਼ਾਇਨਿੰਗ ਵਰਗੇ ਕਿੱਤਾ ਮੁਖੀ ਕੋਰਸਾਂ ਦੀ ਬਹੁਤ ਲੋੜ ਹੈ। ਮੁੱਖ ਮਹਿਮਾਨ ਵੱਲੋ ਵੱਖ੍ਰਵੱਖ ਮੁਕਾਬਲਿਆਂ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਵਿਭਾਗ ਦੀ ਕੋਆਰਡੀਨੇਟਰ ਅਤੇ ਮੈਗ਼ਜ਼ੀਨ ਦੀ ਮੁੱਖ ਸੰਪਾਦਕ ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਸਾਰੀਆਂ ਪੁਸ਼ਾਕਾਂ ਵਿਭਾਗ ਦੀਆਂ ਅਧਿਆਪਕਾਵਾਂ ਮਿਸ ਵੀਨੂ ਜੈਨ ਅਤੇ ਮਿਸ ਕਾਨੂਪ੍ਰਿਆ ਦੀ ਰਹਿਨੁਮਾਈ ਵਿੱਚ ਵਿਦਿਆਰਥੀਆਂ ਦੀ ਆਪਣੀ ਮਿਹਨਤ ਅਤੇ ਮੌਲਿਕ ਪ੍ਰਤਿਭਾ ਦਾ ਨਤੀਜਾ ਹੈ। ਕਾਲਜ ਵੱਲੋਂ ਮੁੱਖ ਮਹਿਮਾਨ ਅਤੇ ਦੂਜੇ ਮਹਿਮਾਨਾਂ ਨੂੰ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰੋ. ਸੁਰਿੰਦਰ ਲਾਲ ਨੇ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਐਸ.ਪੀ.ਸਿੰਘ ਓਬਰਾਏ, ਸ੍ਰੀ ਐਸ. ਕੇ. ਆਹਲੂਵਾਲੀਆ, ਅਤੇ ਸ੍ਰੀ ਪ੍ਰਭਲੀਨ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਸੰਪਾਦਕੀ ਮੰਡਲ ਨੂੰ ਚੰਗਾ ਮੈਗਜ਼ੀਨ ਤਿਆਰ ਕਰਨ ਲਈ ਮੁਬਾਰਕਬਾਦ ਦਿੱਤੀ।